Hot!

ਮੇਰੇ ਬਾਰੇ

ਮੈਨੂੰ ਪੰਜਾਬੀ ਨਾਲ ਇਸ਼ਕ ਐ। ਮੇਰੇ ਸਾਹ ਪੰਜਾਬੀ ਨਾਲ ਚਲਦੇ ਨੇ। ਮੈਂ ਜਿਉਂਦਾ ਹੀ ਪੰਜਾਬੀ ਦੇ ਸਿਰ ਤੇ ਪਿਆਂ। ਇਹੀ ਮੈਨੂੰ ਰੋਟੀ ਦਿੰਦੀ ਐ ਤੇ ਇਹੀ ਜ਼ਿੰਦਗੀ ਦਾ ਮਕਸਦ...ਉਂਝ ਨਾ ਮੈਨੂੰ ਹੋਰ ਭਾਸ਼ਾਵਾਂ ਸਿੱਖਣ ਤੋਂ ਗੁਰੇਜ਼ ਐ ਤੇ ਨਾ ਬੋਲਣ ਤੋਂ ਤੇ ਨਾ ਹੀ ਲਿਖਣ-ਪੜ੍ਹਨ ਤੋਂ, ਪਰ ਪਹਿਲ ਹਮੇਸ਼ਾ ਪੰਜਾਬੀ ਦੀ ਐ। ਦਸ ਸਾਲ ਲੰਮੇ ਪੱਤਰਕਾਰੀ ਦੇ ਸਫ਼ਰ ਵਿਚ ਮੈਂ ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਦੇ ਅਖ਼ਬਾਰਾਂ 'ਚ ਕੰਮ ਕੀਤੈ ਅਤੇ ਅਪਰਾਧਿਕ ਘਟਨਾਵਾਂ ਨੂੰ ਛੱਡ ਕੇ ਹਰ ਵਿਸ਼ੇ ਤੇ ਪੱਤਰਕਾਰੀ ਕੀਤੀ ਹੈ। ਕੌਮੀ ਸਿਆਸਤ, ਸੂਬਾਈ ਸਿਆਸਤ ਅਤੇ ਇਲਾਕਾਈ ਸਿਆਸਤ ਵਿਚ ਮੇਰੀ ਡੂੰਘੀ ਦਿਲਚਸਪੀ ਰਹੀ ਹੈ। ਸਿੱਖਿਆ, ਵਪਾਰ, ਲੋਕ-ਸੁਵਿਧਾਵਾਂ, ਮਾਨਵ ਅਧਿਕਾਰਾਂ ਸਮੇਤ ਹਰ ਵਿਸ਼ੇ ਨੂੰ ਮੈਂ ਆਪਣੀ ਪੱਤਰਕਾਰੀ ਰਾਹੀਂ ਛੋਹਿਆ ਹੈ। ਪਰ ਮੇਰਾ ਸਭ ਤੋਂ ਪਸੰਦੀਦਾ ਵਿਸ਼ਾ ਕਲਾ, ਸਾਹਿਤ ਅਤੇ ਭਾਸ਼ਾ ਰਿਹਾ ਹੈ।  ਮੈਂ ਹਰ ਭਾਸ਼ਾ ਦੇ ਸਾਹਿਤ ਨੂੰ ਮਾਣਦਾ ਅਤੇ ਉਸ ਵਿਚੋਂ ਆਪਣੀ ਮਾਂ-ਬੋਲੀ ਦੇ ਹਿੱਤ ਲਈ ਲੋੜੀਂਦਾ ਮਸਾਲਾ ਲੱਭਦਾ ਹਾਂ। ਕੁਝ ਕੁ ਸਾਲ ਪਹਿਲਾਂ ਭਾਸ਼ਾ ਦੇ ਤਕਨੀਕੀ ਵਿਕਾਸ ਦੇ ਨਾਲ ਸੁਮੇਲ ਦੇ ਵਿਸ਼ੇ ਨੇ ਮੈਨੂੰ ਬਹੁਤ ਅਚੰਭਿਤ ਕੀਤਾ ਅਤੇ ਅੱਜ ਜੋ ਕੁਝ ਵੀ ਇਸ ਮੰਚ ਤੇ ਤੁਹਾਡੇ ਸਾਹਮਣੇ ਹੈ, ਇਹ ਉਸੇ ਦਿਲਚਸਪੀ ਦਾ ਨਤੀਜਾ ਹੈ। ਕਵਿਤਾ, ਗੀਤ, ਵਿਅੰਗ, ਸਮੀਖਿਆ, ਅਲੋਚਨਾ ਅਤੇ ਸੰਪਾਦਨ ਮੇਰੇ ਸਾਹਿਤਕ ਸ਼ੌਂਕ ਵੀ ਹਨ ਅਤੇ ਰੁਝੇਵੇਂ ਵੀ...ਉਂਝ ਪੇਸ਼ੇ ਵੱਜੋਂ ਅੱਜ-ਕੱਲ੍ਹ ਮੈਂ ਟੈਲੀਵਿਜ਼ਨ ਦੀਆਂ ਪਟਕਥਾਵਾਂ ਲਿਖਦਾਂ ਹਾਂ, ਪਰ ਮੇਰੀ ਦਿਲਚਸਪੀ ਹਮੇਸ਼ਾ ਪ੍ਰਿੰਟ-ਮੀਡੀਏ ਵਿਚ ਰਹੀ ਹੈ ਅਤੇ ਮੈਂਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਮੈਂ ਛਪੇ ਜਾਂ ਲਿਖੇ ਹੋਏ ਅੱਖਰਾਂ ਤੋਂ ਜਿਆਦਾ ਕਿਸੇ ਚੀਜ਼ ਦੇ ਨੇੜੇ ਨਹੀਂ ਹੋ ਸਕਦਾ। ਵੈਸੇ ਮੇਰੇ ਸੁਪਨਿਆਂ ਦੇ ਆਕਾਸ਼ ਵਿਚ ਵੱਡਾ ਪਰਦਾ ਵੀ ਸ਼ਾਮਿਲ ਹੈ ਅਤੇ ਇਸ ਰਾਹੀਂ ਆਪਣੀ ਗੱਲ ਕਹਿਣ ਦੀ ਤਮੰਨਾ ਵੀ... ਇਸ ਬਾਰੇ ਵੀ ਕੰਮ ਜਾਰੀ ਹੈ... ਬੀਜ ਕਦੋਂ ਬਿਰਖ ਬਣਦਾ ਹੈ, ਇਹ ਸਮਾਂ ਦੱਸੇਗਾ। ਫ਼ਿਲਫਾਲ ਮੈਂ ਆਪਣੇ ਆਪ ਬਾਰੇ ਇੰਨ੍ਹਾਂ ਜਾਣ ਲੈਣਾ ਹੀ ਕਾਫ਼ੀ ਸਮਝਦਾ ਹਾਂ।


ਜੱਦੀ-ਸ਼ਹਿਰ
ਲੁਧਿਆਣਾ

ਕਰਮ ਭੂਮੀ
ਦਿੱਲੀ

ਦਖ਼ਲਅੰਦਾਜ਼ੀ
ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਵਿਚ

ਮੌਜੂਦਾ ਕਾਰ-ਵਿਹਾਰ
ਪੀ.ਟੀ.ਸੀ. ਪੰਜਾਬੀ ਚੈਨਲ ਵਿਚ ਪਟਕਥਾ ਲੇਖਕ

ਸਾਹਿਤੱਕ ਦਖਲਅੰਦਾਜ਼ੀ
ਕਵਿਤਾ, ਕਹਾਣੀ, ਵਿਅੰਗ, ਲੇਖ, ਅਲੋਚਨਾ, ਸੰਪਾਦਨ

ਪੱਤਰਕਾਰੀ ਪੈਂਤੜੇਬਾਜ਼ੀ
ਹਿੰਦੀ ਅਤੇ ਪੰਜਾਬੀ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਸਿਆਸੀ, ਸਾਮਾਜਿਕ, ਕਲਾ-ਮਨੋਰੰਜਨ ਵਿਸ਼ਿਆਂ ਤੇ ਟਿੱਪਣੀਕਾਰੀ

ਪੱਤਰਕਾਰੀ ਦਾ ਸਫ਼ਰ
ਪੰਜਾਬੀ ਅਖ਼ਬਾਰ
ਅਕਾਲੀ ਪਤ੍ਰਕਾ
ਚੜ੍ਹਦੀ ਕਲਾ
ਜੱਗ ਬਾਣੀ
ਸਪੋਕਸਮੈਨ

ਹਿੰਦੀ ਅਖ਼ਬਾਰ
ਅਮਰ ਉਜਾਲਾ
ਪੰਜਾਬ ਕੇਸਰੀ
ਦੈਨਿਕ ਭਾਸਕਰ

ਕਿਤਾਬਾਂ
ਪੰਜਾਬੀ
ਸਾਹਿਰ ਲੁਧਿਆਣਵੀ ਦੀ ਜ਼ਿੰਦਗੀ ਅਤੇ ਪ੍ਰੇਮ-ਪ੍ਰਸੰਗ
(ਜੀਵਨੀ-ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ)
ਚੇਤਨਾ ਪ੍ਰਕਾਸ਼ਨ ਲੁਧਿਆਣਾ।

ਸਨਸੈੱਟ ਕਲੱਬ
(ਖੁਸ਼ਵੰਤ ਸਿੰਘ ਦੇ ਅੰਗਰੇਜ਼ੀ ਨਾਵਲ ਦਾ ਪੰਜਾਬੀ ਅਨੁਵਾਦ)
ਲਾਹੌਰ ਬੁੱਕਸ, ਲੁਧਿਆਣਾ।
(ਛਪਾਈ ਅਧੀਨ)

ਹਿੰਦੀ
ਨਸ਼ੇ ਮੇਂ ਡੂਬੇ ਮਿਰਜ਼ੇ ਕੀ, ਮੈਂ ਸਾਹਿਬਾ ਨਹੀਂ
(ਕਹਾਣੀ-ਸੰਗ੍ਰਹਿ-ਪੰਜਾਬੀ ਤੋਂ ਹਿੰਦੀ ਅਨੁਵਾਦ)
(ਛਪਾਈ ਅਧੀਨ)

ਇੰਟਰਨੈੱਟ ਪੰਗੇਬਾਜ਼ੀ
ਪੰਜਾਬੀ ਸਾਹਿਤ ਦਾ ਮੰਚ

ਪੰਜਾਬੀ ਮਨੋਰੰਜਨ ਜਗਤ ਦਾ ਰਸਾਲਾ

ਦਸਤਖ਼ਤ
ਦੀਪ ਜਗਦੀਪ ਸਿੰਘ